Wednesday 25 January 2012

ਮਨੁੱਖਾ ਦੇਹੀ ਅਤੇ ਸੂਖਸ਼ਮ ਸਰੀਰ (ਅੰਤਹਕਰਣ) - ਡਾ. ਗੁਰਸੇਵਕ ਸਿੰਘ

ਗੁਰਬਾਣੀ (ਗਿਆਨ ਗੁਰੂ) ਦਾ ਮੁੱਖ ਉਦੇਸ਼ ਮਾਨਵ ਮਾਤਰ ਨੂੰ ਅਧਿਆਤਮਕ ਪੱਧਰ ਦੇ ਅਨੁਭਵ ਦਾ ਗਿਆਨ ਕਰਵਾਉਣਾ ਹੈ। ਅਧਿਆਤਮਕਤਾ ਇੱਕ ਪਰਾ-ਸਰੀਰਕ ਅਨੁਭਵ ਹੈ, ਇਹ ਹੋਰਨਾ ਪਦਾਰਥਾਂ ਵਾਂਗ ਇੰਦ੍ਰੀ ਬੋਧ ਨਹੀ। ਜਿਸ ਤਰਾ ਸੰਸਾਰ ਦੇ ਕਿਸੀ ਗਿਆਨ ਲਈ ਕੋਈ ਵੀ ਸਰੀਰ (ਬਿਨਾ ਕਿਸੀ ਰੰਗ, ਨਸਲ, ਜਾਤਿ ਆਦਿ ਦੇ ਭੇਦ) ਇਕ ਭਾਡੇ ਵਜੋ ਕੰਮ ਕਰਦਾ ਹੈ। ਇਸੀ ਤਰਾ ਬ੍ਰਹਮ ਗਿਆਨ (ਅਧਿਆਤਮਕ ਗਿਆਨ) ਲਈ ਵੀ ਸਰੀਰ ਜਾ ਦੇਹੀ ਦੀ ਮਹੱਤਤਾ ਤਾਂ ਬੱਸ ਸਿਰਫ਼ ਸਫ਼ਰ ਲਈ ਵਾਹਨ ਦੇ ਤੁੱਲ (ਮੰਜਿਲ ਤੱਕ ਪਹੁੱਚਣ ਲਈ) ਹੀ ਸਮਝਿਆ ਗਿਆ ਹੈ।

ਚੜਿ ਦੇਹੜਿ ਘੋੜੀ ਬਿਖਮੁ ਲਘਾਏ ਮਿਲੁ ਗੁਰਮੁਖਿ ਪਰਮਾਨੰਦਾ ॥
ਵਡਹੰਸ (ਮ ੪) ਗੁਰੂ ਗ੍ਰੰਥ ਸਾਹਿਬ - ਅੰਗ ੫੭੫


ਸੋ ਵਾਹਨ ਬਾਰੇ ਪੂਰੀ ਜਾਣਕਾਰੀ ਹੋਣੀ ਅਤਿ ਜਰੂਰੀ ਹੈ, ਜੇਕਰ ਸਹੀ ਸਲਾਮਤ ਪਹੁੰਚਣਾ ਮਕਸਦ ਹੋਵੇ, ਕਿਉਕਿ ਹਰ ਚਾਲਕ ਆਪਣੇ ਵਾਹਨ ਦਾ ਆਪ ਜੁੰਮੇਵਾਰ ਹੈ, ਇਸ ਲਈ ਇਹ ਹੋਰ ਵੀ ਜਰੂਰੀ ਹੋ ਜਾਦਾ ਹੈ ਕਿ ਅਸੀ ਇਕ ਅਕਾਲ ਪੁੱਰਖ ਨਾਲ ਜੁੜਨ ਦੀ ਜੁਗਤੀ ਅਤੇ ਇਸ ਕਾਰਜ ਦੀ ਸਿਧੀ ਲਈ ਮਿਲੀ ਸਰੀਰ ਰੂਪੀ ਦਾਤ ਨੂੰ ਪੂਰੀ ਡੂੰਘਾਈ ਤੱਕ ਸਮਝੀਏ।
ਇਹ ਵਿਸ਼ਾ ਮਨੱਖਾ ਦੇਹੀ ਨੂੰ ਸਮਝਣ ਤੱਕ ਸੀਮਤ ਰੱਖਣ ਦੀ ਕੋਸਿਸ ਕਰਾਗੇ।


ਹਰ ਦੇਹਧਾਰੀ ਸਰੀਰ ਨੂੰ ਤਿੰਨ ਭਾਗਾ ਵਿੱਚ ਵੰਡਿਆ ਜਾ ਸਕਦਾ ਹੈ :

1. ਅਸਥੂਲ ਸਰੀਰ
2. ਸੂਖਸਮ ਸਰੀਰ
3. ਆਤਮਾ


ਭਾਵੇ ਇਹ ਸਰੀਰ ਦੀ ਉਤਪੱਤੀ ਉਲਟੇ ਰੁੱਖ (ਭਾਵ ਆਤਮਾ, ਸੂਖਸਮ ਅਤੇ ਅਸਥੂਲ ਸਰੀਰ) ਹੁੰਦੀ ਹੈ। ਪਰ ਅਸੀ ਸਮਝਣ ਲਈ ਪਹਿਲਾ ਅਸਥੂਲ ਰਖਿਆ ਹੈ। ਸਾਡਾ ਨਿਸ਼ਾਨਾ ਵੀ ਅਸਥੂਲ ਤੋ ਆਤਮ ਦਰਸ਼ਨ ਕਰਕੇ ਪਰਾਤਮਾ ਵਿੱਚ ਅਭੇਦ ਹੋਣਾ ਹੈ। ਇਸ ਨੂੰ ਇਸ ਤਰਾ ਵੀ ਸਮਝਿਆ ਜਾ ਸਕਦਾ ਕਿ ਅਸੀ ਹੁਣ ਅਕਾਰ ਤੋ ਨਿਰਾਕਾਰ ਤੱਕ ਦਾ ਸਫਰ ਤਹਿ ਕਰਨਾ ਹੈ।


ਗੁਰੂ ਸਾਹਿਬ ਦਾ ਬਚਨ ਹੈ :
ਸਮੁੰਦੁ ਵਿਰੋਲਿ ਸਰੀਰੁ ਹਮ ਦੇਖਿਆ ਇਕ ਵਸਤੁ ਅਨੂਪ ਦਿਖਾਈ ॥
ਗੁਰ ਗੋਵਿੰਦੁ ਗਵਿੰਦੁ ਗੁਰੂ ਹੈ ਨਾਨਕ ਭੇਦੁ ਨ ਭਾਈ ॥੪॥੧॥੮॥
ਆਸਾ (ਮ ੪) ਗੁਰੂ ਗ੍ਰੰਥ ਸਾਹਿਬ - ਅੰਗ ੪੪੨

ਇਕ ਵਸਤੁ ਅਨੂਪ ਦੇਖਣਾ ਅਤੇ ਪਰਮ ਜੋਤ ਵਿੱਚ ਅਭੇਦ ਹੋਣਾ ਹੀ ਸਾਡਾ ਸਭ ਦਾ ਜੀਵਨ ਮਨੋਰਥ ਹੈ। ਆਉ ਹੁਣ ਦੇਹੀ ਦੇ ਵੱਖ ਵੱਖ ਰੂਪਾ ਨੂੰ ਵਿਸਥਾਰ ਸਹਿਤ ਵਿਚਾਰਦੇ ਹਾਂ।


1. ਅਸਥੂਲ ਸਰੀਰ

ਇਹ ਸਰੀਰ ਪਰਮ/ਆਤਮ ਤੱਤ ਤੋ ਬਣਦਾ ਹੈ, ਇਹ ਆਤਮ ਤੱਤ ਇਸ ਸਰੀਰ ਦੀ ਰਚਨਾ ਲਈ ਪੰਜ ਤੱਤਾ (ਮਾਇਆ ਦੇ) ਨੂੰ ਲੋੜੀਦੀ ਮਾਤਰਾ ਵਿੱਚ ਵਰਤ ਕੇ ਜੋ ਦੇਹ (ਪਦਾਰਥ ਮਿਸ਼ਰਣ) ਬਣਾਦਾ ਹੈ ਉਸ ਨੂੰ ਅਸਥੂਲ ਸਰੀਰ ਕਿਹਾ ਜਾਦਾ ਹੈ।
ਇਹ ਪੰਜ ਤੱਤ ਇਸ ਤਰਾ ਹਨ :
ਪ੍ਰਿਥਵੀ : ਇਸ ਦੇ ਮਾਸ ਚੰਮ ਆਦਿ ਹੁੰਦੇ ਹਨ (ਮਿੱਟੀ)
ਹਵਾ : ਇਹ ਸੁਆਸਾ ਦੇ ਰੂਪ ਵਿੱਚ ਹੈ (ਪੌਣ)
ਪਾਣੀ : ਇਸ ਦੇ ਲਹੂ ਮਿੱਝ ਆਦਿਕ ਨੇ
ਅਗਨੀ : ਇਹ ਸਰੀਰ ਨੂੰ ਇਕ ਲੋੜਿਦੇ ਤਾਪਮਾਨ ਤੇ ਰਖਦੀ ਹੈ, ਅੰਨ ਭੋਜਨ ਆਦਿ ਹਜਮ ਕਰਦੀ ਹੈ
ਅਕਾਸ਼ : ਉਪਰੋਕਤ ਸਾਰੇ ਭਾਗਾ ਨੂੰ ਵਿਚਰਨ ਵਾਸਤੇ ਅਸਥਾਨ

ਇਹਨਾ ਤੱਤਾ ਦੇ ਆਪਣੇ ਆਪਣੇ ਗੁਣ ਹਨ :

ਅਕਾਸ਼ : ਸਬਦ
ਹਵਾ : ਸਬਦ, ਸਪਰਸ
ਅਗਨੀ : ਸਬਦ, ਸਪਰਸ, ਰੂਪ
ਪਾਣੀ : ਸਬਦ, ਸਪਰਸ਼, ਰੂਪ, ਰਸ
ਪ੍ਰਿਥਵੀ : ਸਬਦ, ਸਪਰਸ਼, ਰੂਪ, ਰਸ, ਗੰਧ

ਮਨੁੱਖਾ ਸਰੀਰ ਪ੍ਰਿਥਵੀ ਸਮਾਨ ਹੈ, ਇਹ ਪੰਜੇ ਗੁਣ ਸੁਣਨਾ, ਛੂਹਣਾ, ਦੇਖਣਾ, ਚਖਣਾ ਅਤੇ ਸੂੰਘਣਾ ਰੱਖਦਾ ਹੈ। ਇਹਨਾ ਤੱਤਾ ਦੀ ਉੱਤਪਤੀ ਇਸ ਤਰਾ ਹੈ, ਸਭ ਤੋ ਪਹਿਲਾ ਇਕ/ਪਰਮ/ਆਤਮ ਤੱਤ ਸੀ, ਉਸਤੋ ਅਕਾਸ਼ ਹੋਇਆ, ਅਕਾਸ਼ ਤੋ ਹਵਾ, ਹਵਾ ਤੋ ਅਗਨੀ, ਅਗਨੀ ਤੋ ਪਾਣੀ ਅਤੇ ਪਾਣੀ ਤੋ ਪ੍ਰਿਥਵੀ।

ਗੁਰੂ ਸਾਹਿਬ ਦਾ ਬਚਨ ਹੈ :

ਪੰਚ ਤਤੁ ਮਿਲਿ ਕਾਇਆ ਕੀਨੀ ॥
ਤਿਸ ਮਹਿ ਰਾਮ ਰਤਨੁ ਲੈ ਚੀਨੀ ॥
ਆਤਮ ਰਾਮੁ ਰਾਮੁ ਹੈ ਆਤਮ ਹਰਿ ਪਾਈਐ ਸਬਦਿ ਵੀਚਾਰਾ ਹੇ ॥੭॥
ਮਾਰੂ ਸੋਲਹੇ (ਮ ੧) ਗੁਰੂ ਗ੍ਰੰਥ ਸਾਹਿਬ - ਅੰਗ ੧੦੩੦

ਭਾਵ ਸਰੀਰ ਉਦੋ ਬਣਿਆ ਹੈ ਜਦੋ ਸ੍ਰੋਮਣੀ/ਇਕ/ਪਰਮ/ਆਤਮ ਤੱਤ ਇਸ ਨੂੰ ਮਿਲਿਆ ਹੈ। ਇਸ ਸਰੀਰ ਰਾਹੀ ਹੀ ਨਾਮੁ ਰਤਨ ਖੋਜ ਕੇ ਆਤਮ ਪਰਾਤਮਾ ਵਿੱਚ ਅਭੇਦ ਹੋਇਆ ਜਾ ਸਕਦਾ ਹੈ। ਇਹ ਅਭੇਦ ਹੋਣ ਦੀ ਜੁਗਤੀ ਗੁਰੂ ਸਬਦ ਵਿਚਾਰ ਭਾਵ ਗੁਰੂ ਗਿਆਨ ਨਾਲ ਹੀ ਮਿਲਦੀ ਹੈ।

ਜਦੋ ਜੀਵ ਮਰਦਾ ਹੈ ਤਾ ਮੁਰਦਾ ਦੇਹੀ ਵਿਚੋ ਪਹਿਲਾ ਆਤਮ ਤੱਤ ਨਿਕਲਦਾ ਹੈ, ਜਦੋ ਇਹ ਤੱਤ ਅਲੱਗ ਹੁੰਦਾ ਹੈ ਬਾਕੀ ਸਾਰੇ ਤੱਤ ਆਪਣੇ ਕ੍ਰਮ ਅਨੁਸਾਰ ਸਮਾ ਜਾਦੇ ਹਨ।

ਹਰੇਕ ਤੱਤ ਦੀਆ ਪੰਜ ਪੰਜ ਪ੍ਰਕਿਰਤੀਆ/ਵਿਸ਼ੇ/ਵਿਕਾਰ ਹਨ :

ਅਕਾਸ਼ : ਲੋਭ, ਮੋਹ, ਹੰਕਾਰ, ਦੁੱਖ, ਪ੍ਰੀਤ
ਹਵਾ : ਬਲ, ਦੌੜਨਾ, ਪਸਰਨਾ, ਸੰਕੋਚਨਾ, ਵਧਾਣਾ
ਅਗਨੀ : ਨੀਂਦ, ਸੋਂਭਾ/ਕ੍ਰੋਧ, ਭੁੱਖ, ਪਿਆਸ, ਆਲਸ
ਪਾਣੀ : ਲਹੂ, ਪਸੀਨਾ, ਪਿੱਤ, ਕਫ, ਵੀਰਜ਼
ਪ੍ਰਿਥਵੀ : ਚੰਮ, ਹੱਡ, ਮਾਸ, ਨਾੜੀ, ਰੋਮ

ਪਾਂਚ ਪਚੀਸ ਮੋਹ ਮਦ ਮਤਸਰ ਆਡੀ ਪਰਬਲ ਮਾਇਆ ॥
ਜਨ ਗਰੀਬ ਕੋ ਜੋਰੁ ਨ ਪਹੁਚੈ ਕਹਾ ਕਰਉ ਰਘੁਰਾਇਆ ॥੧॥
ਭੈਰਉ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਅੰਗ ੧੧੬੧

ਇਹਨਾ ਸਾਰੀਆ ੨੫ ਪ੍ਰਕਿਰਤਿਆ ਦੇ ਮੇਲ ਨਾਲ, ਮਾਇਆ ਰੂਪੀ ਸਾਰਾ ਸੰਸਾਰ ਬਣਦਾ ਹੈ।


2 ਸੂਖਸ਼ਮ ਸਰੀਰ

ਇਹ ਸੂਖਸ਼ਮ ਸਰੀਰ, ਜੋ ਸਾਡੀ ਨਜ਼ਰ ਵਿੱਚ ਨਹੀ ਆਦਾ, ਪਰ ਪੰਜ ਭੂਤਕ ਸਰੀਰ, ਇਸਦੇ ਚਲਾਏ ਹੀ ਚਲਦਾ ਹੈ, ਇਹ ਸੂਖਮ ਸਰੀਰ ਹੀ ਜਨਮ ਮਰਨ ਦੇ ਗੇੜ ਤੋ ਗੁਰੂ ਕ੍ਰਿਪਾ ਨਾਲ ਬਾਹਰ ਹੋਕੇ, ਸੰਸਾਰ ਸਾਗਰ ਤਰਦਾ ਹੈ ਅਤੇ ਸਦਾ ਲਈ ਸੁੱਖ ਸਾਗਰ ਵਿੱਚ ਸਮਾਕੇ ਸਵੈ/ਨਿੱਜ ਘਰ ਪਹੁੰਚਦਾ ਹੈ।

ਸੂਖਸ਼ਮ ਸਰੀਰ ਦੇ ਮੁੱਖ ਤੱਤਾ ਦਾ ਵਰਗੀਕਰਨ ਇਸਤਰਾ ਹੈ :

ਅੰਤਹਕਰਣ : ਮਨ, ਬੁੱਧੀ, ਚਿੱਤ, ਹੰਕਾਰ
ਗਿਆਨ ਇੰਦ੍ਰੇ : ਨੱਕ, ਕੰਨ, ਅੱਖਾ, ਜੀਭ, ਚਮੜੀ
ਕਰਮ ਇੰਦ੍ਰੇ : ਮੁੰਹ, ਹੱਥ, ਪੈਰ, ਲਿੰਗ, ਗੁੱਦਾ

ਆਉ ਹੁਣ ਸਾਰੇ ਤੱਤਾ ਨੂੰ ਇਕ ਇਕ ਕਰਕੇ ਪਹਿਲਾ ਸੰਖੇਪ ਵਿੱਚ ਸਮਝਦੇ ਹਾ :

ਅੰਤਹਕਰਣ : ਇਹ ਸੂਖਮ ਸਰੀਰ ਦਾ ਭਾਗ ਹੈ, ਜੋ ਚਾਰ ਸਕਤੀਆ ਦੇ ਇਕੱਠ ਦਾ ਨਾਮ ਹੈ। ਇਹ ਚਾਰ ਸਕਤੀਆ ਦੇ ਸਰੂਪ ਇਸ ਤਰਾ ਹਨ :

ਮਨ

ਜੀਵਾ ਦੀ ਨਿੱਤ ਵਿਚਾਰ ਦੀ ਉਤਪਤੀ ਭਾਵ ਕਲਪਨਾ ਸਕਤੀ, ਸੰਕਲਪ ਅਤੇ ਵਿਕਲਪ ਅਰਥਾਤ ਤਰਾ ਤਰਾ ਦੇ ਚੰਗੇ ਮੰਦੇ ਫੁਰਨੇ ਸਕਤੀ

ਬੁੱਧੀ

ਵੀਚਾਰ ਦਾ ਕੇਦਰ, ਚੰਗੀ ਮਾੜੀ ਗੱਲ ਦਾ ਨਿਰਣਾ ਕਰਨ ਵਾਲੀ ਸਕਤੀ

ਚਿੱਤ
ਚੈਤੰਨਤਾ, ਸਿਮਰਣ,ਯਾਦਦਾਸ਼ਤ, ਚੇਤਾ ਸਕਤੀ

ਹੰਕਾਰ

ਅਭਿਆਨ, ਹਉਮੈ, ਅਪਣੱਤਤਾ ਸਕਤੀ

ਜੇ ਵੱਖ ਵੱਖ ਹੋਣ ਤਾ ਇਹਨਾ ਨੂੰ ਇੰਦ੍ਰੈ ਕਿਹਾ ਜਾਦਾ ਹੈ ਅਤੇ ਜੇ ਇਕੱਠੇ ਹੋਣ ਤਾ ਅੰਤਹਕਰਣ।


ਸੋ ਇਹ ਚਾਰੇ ਮਿਲ ਕੇ ਇਕ ਸੀਸ਼ੇ (Mirror) ਦਾ ਰੂਪ ਹਨ, ਜਿਨਾ ਵਿੱਚੋ ਸੰਸਾਰ ਦਾ ਸਾਰਾ ਗਿਆਨ ਨਜ਼ਰ ਆਦਾ ਹੈ। ਇਸ ਸ਼ੀਸ਼ੇ ਸਾਹਮਣੇ ਜੋ ਵਸਤੂ, ਗੁਣ, ਸੁਭਾਵ ਜਾ ਕਰਮ ਆਵੇ ਉਸੀ ਦਾ ਰੂਪ ਅਤੇ ਉਸੀ ਦਾ ਪ੍ਰਤਿਬਿੰਬ ਇਸ ਵਿੱਚੋ ਨਜ਼ਰ ਆਦਾ ਹੈ।
ਭਾਵ ਜਿਸ ਵਸਤੂ/ਪਦਾਰਥ ਦਾ ਇਸ ਅੰਤਹਕਰਨ ਨੂੰ ਫ਼ੁਰਨਾ ਫੁੱਰੇ, ਵੀਚਾਰ ਆਵੇ, ਸਿਮਰਣ ਹੋਵੇ ਅਤੇ ਅਪੱਣਤ ਜਾਗੇ, ਇਹ ਉਸਦਾ ਹੀ ਰੂਪ ਦੇਖਦਾ ਹੈ।
ਸੰਸਾਰ ਦੇ ਸਾਰੇ ਕਾਰਵਿਹਾਰ ਇਸ ਅੰਤਹਕਰਨ ਵੀ ਪ੍ਰੇਰਨਾ ਅਨੁਸਾਰ ਹੀ ਹੁੰਦੇ ਹਨ।

ਹੁਣ ਇਨਾ ਚਾਰਾ ਦੇ ਕਰਮਾ ਨੂੰ ਵਿਸਥਾਰ ਸਹਿਤ ਵਿਚਾਰਦੇ ਹਾ।

ਮਨ

ਅੰਤਹਕਰਨ ਦੀ ਪਹਿਲੀ ਸਕਤੀ ਦਾ ਨਾਮ ਮਨ ਹੈ। ਜੀਵਾ ਨੂੰ ਜੋ ਵੀ ਸੰਕਲਪ (ਵਿੱਦਕ ਭਾਵ), ਵਿਕਲਪ (ਅਵਿੱਦਕ ਭਾਵ), ਇੱਛਾ ਅਤੇ ਖਿਆਲ ਉਪਜਦਾ ਹੈ, ਉਹ ਸਭ ਇਸਦਾ ਹੀ ਕਰਮ ਗਿਣਿਆ ਜਾਦਾ ਹੈ।

ਜਿਸ ਤਰਾ ਚਸ਼ਮੇ ਵਿੱਚੋ ਪਾਣੀ ਸਦਾ ਨਿਕਲਦਾ ਰਹਿਦਾ ਹੈ, ਤਿਵੇ ਹੀ ਮਨ ਦੇ ਫੁਰਨੇ ਸਦਾ ਨਿਕਲਦੇ ਰਹਿਦੇ ਹਨ। ਜਦ ਤੱਕ ਜੀਵ ਦੇ ਸੁਆਸ ਚਲਦੇ ਹਨ, ਤਦ ਤੱਕ ਫੁਰਨੇ ਰਹਿਦੇ ਹਨ। ਸੁਆਸਾ ਨਾਲ ਆਸ ਤੇ ਆਸ ਨਾਲ ਫੁਰਨੇ ਹੁੰਦੇ ਹਨ।

ਇਨਾ ਫੁਰਨਿਆ ਰੂਪ ਮਨ ਦਾ ਆਪਣਾ ਕੋਈ ਰੂਪ ਨਹੀ ਹੈ, ਜਿਸ ਪਦਾਰਥ ਨਾਲ ਮਿਲਦਾ ਹੈ ਉਸੀ ਦਾ ਰੂਪ ਹੋ ਜਾਦਾ ਹੈ।
ਮਨ ਦੇ ਫੁਰਨੇ ਹੀ ਕਿਉਕਿ ਸਭ ਉਪਾਧੀਆ ਦਾ ਕਾਰਨ ਹੁੰਦੇ ਹਨ, ਇਹਨਾ ਤੋ ਬਚਣ ਲਈ ਕੋਈ ਗ੍ਰਿਹਸਤ ਤਿਆਗ ਕੇ ਸੰਨਿਆਸੀ ਹੋ ਜਾਦਾ ਹੈ, ਕੋਈ ਸੁਆਸਾ ਤੋ ਉਪਜਣ ਵਾਲੀ ਆਸ ਨੂੰ ਰੋਕਣ ਵਾਸਤੇ ਯੋਗ ਸਾਧਨਾ ਵਿੱਚ ਪੈਕੇ ਸੁਆਸਾ ਨੂੰ ਦਸਮ ਦੁਆਰ ਚੜਾਨ ਦੇ ਚੱਕਰ ਵਿੱਚ ਜੋਗੀ ਹੋ ਬੈਠਦਾ ਹੈ। ਕੋਈ ਕੰਨਾ ਦੀ ਸਰੋਤ ਤੇ ਅੱਖਾ ਦੀ ਦ੍ਰਿਸਟੀ ਨੂੰ ਏਨਾ ਫੁਰਨਿਆ ਦਾ ਕਾਰਨ ਸਮਝਦਾ ਹੈ, ਇਹਨਾ ਤੋ ਬਚਣ ਵਾਸਤੇ ਜੰਗਲ ਤੇ ਪਹਾੜ ਦੀਆ ਗੁਫਾਵਾ ਵਿੱਚ ਨਿਵਾਸ ਕਰਦਾ ਹੈ। ਪਰ ਇਨੀਆ ਸਾਧਨਾਵਾ ਨਾਲ ਵੀ ਮਨ ਕਦੀ ਫੁਰਨਿਆ ਤੋ ਮੁਕਤ ਨਹੀ ਹੁੰਦਾ।

ਮਨ ਕਾਮਨਾ ਤੀਰਥ ਜਾਇ ਬਸਿਓ ਸਿਰਿ ਕਰਵਤ ਧਰਾਏ ॥
ਮਨ ਕੀ ਮੈਲੁ ਨ ਉਤਰੈ ਇਹ ਬਿਧਿ ਜੇ ਲਖ ਜਤਨ ਕਰਾਏ ॥੩॥
ਸੋਰਠਿ (ਮ ੫) ਗੁਰੂ ਗ੍ਰੰਥ ਸਾਹਿਬ - ਅੰਗ ੬੪੨

ਗੁਰਬਾਣੀ (ਗੁਰੂ ਗਿਆਨ), ਇਹਨਾ ਫੁਰਨਿਆ ਦੇ ਵੇਗ ਨੂੰ ਨਿਵਾਣ (ਵਿਕਲਪ) ਤੋ ਉਚਾਣ (ਸੰਕਲਪ) ਵੱਲ ਮੋੜਦਾ ਹੈ। ਇਹ ਮਨ ਜਿਸਦਾ ਆਪਣਾ ਕੋਈ ਸਰੂਪ ਨਹੀ, ਜੋਤਿ ਸਰੂਪ ਹੋਣ ਵਾਸਤੇ ਇਹ ਜਰੂਰੀ ਹੈ ਕਿ ਇਸ ਦਾ ਆਤਮਾ ਨਾਲ ਮੇਲ ਹੋਵੇ। ਜਦ ਇਸਦਾ ਆਤਮਾ ਨਾਲ ਮੇਲ ਹੋਵੇਗਾ ਤਾ ਫਿਰ ਆਤਮਾ ਦਾ ਰੂਪ ਹੋ ਜਾਵੇਗਾ।

ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥


ਆਸਾ (ਮ ੩) ਗੁਰੂ ਗ੍ਰੰਥ ਸਾਹਿਬ - ਅੰਗ ੪੪੧


ਜੇ ਇਹ ਮਨ ਜੋਤਿ ਸਰੂਪ (ਆਤਮ ਰੂਪ) ਹੋ ਜਾਵੇ ਤਾ ਇਹ ਆਪਣਾ ਮੂਲ ਪਛਾਣਨ ਵਿੱਚ ਸਫਲ ਹੋ ਆਪਣਾ ਜਨਮ ਪਦਾਰਥ ਜਿੱਤ ਲੈਦਾ ਹੈ।

ਬੁਧੀ

ਅੰਤਹਕਰਨ ਦੀ ਦੂਸਰੀ ਸਕਤੀ ਨਾਮ ਬੁੱਧੀ ਹੈ। ਇਹ ਮਨ ਦੇ ਫੁਰਨਿਆ ਨੂੰ ਸੋਚਦੀ, ਸਮਝਦੀ ਅਤੇ ਵਿਚਾਰਦੀ ਹੈ, ਭਲੇ ਬੁਰੇ ਦਾ ਨਿਰਣਾ ਕਰਦੀ ਹੈ, ਵੀਚਾਰ ਇਸ ਦਾ ਸਰੂਪ ਲੱਖਣ ਹੈ।
ਬੁੱਧੀ ਵਿੱਚ ਬਲ ਗਿਆਨ ਨਾਲ ਆਦਾ ਹੈ, ਜਿਸ ਨਾਲ ਵਿਚਾਰ ਤੇ ਨਿਰਣਾ ਸਕਤੀ ਵੱਧਦੀ ਹੈ।

ਪਹਿਲਾ ਜੀਵ ਦੀ ਬੁਧ ਵਿੱਚ ਗੁਰੂ ਗਿਆਨ ਰੂਪੀ ਬਲ ਨਹੀ, ਇਹ ਇਸ ਤੋ ਸੱਖਣੀ ਹੈ, ਇਹ ਗੁਰੂ ਤੋ ਅਭੇਦ ਹੋਣ ਲਈ ਮਾਰਗ ਦੱਸਣ ਦੀ ਜਾਚਨਾ ਕਰਦੀ ਹੈ।

ਰੂਪ ਹੀਨ ਬੁਧਿ ਬਲ ਹੀਨੀ ਮੋਹਿ ਪਰਦੇਸਨਿ ਦੂਰ ਤੇ ਆਈ ॥੧॥
ਗਉੜੀ (ਮ ੫) ਗੁਰੂ ਗ੍ਰੰਥ ਸਾਹਿਬ - ਅੰਗ ੨੦੪

ਜਿਸ ਬੁੱਧ ਵਿੱਚ ਗੁਰਮਤਿ ਗਿਆਨ ਵੱਧਦਾ ਹੈ ਉਸ ਦੀ ਬੁੱਧੀ ਬਦਲਦੀ ਹੈ ਅਤੇ ਮੱਤ ਉਜਲ ਹੁੰਦੀ ਹੈ।

ਕਹਿ ਕਬੀਰ ਬੁਧਿ ਹਰਿ ਲਈ ਮੇਰੀ ਬੁਧਿ ਬਦਲੀ ਸਿਧਿ ਪਾਈ ॥੨॥੨੧॥੭੨॥
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਅੰਗ ੩੩੯

ਇਹੀ ਉਜਲ ਤੇ ਉਤਮ ਬੁਧੀ ਮਨ ਦੇ ਫੁਰਨਿਆ ਨੂੰ ਸਦਾ ਸ਼੍ਰੇਸ਼ਟ ਕਲਪਨਾ (ਸਿਧੀ ਪਾਣ) ਕਰਨ ਵਾਸਤੇ ਪ੍ਰੇਰਦੀ ਰਹਿਦੀ ਹੈ।

ਸੋ ਬੁੱਧੀ ਗਿਆਨ ਦੇ ਆਸਰੇ ਹੁੰਦੀ ਹੈ,

ਕਰਿ ਕ੍ਰਿਪਾ ਗੋਬਿੰਦ ਦੀਆ ਗੁਰ ਗਿਆਨੁ ਬੁਧਿ ਬਿਬੇਕ ॥੧॥
ਗੂਜਰੀ (ਮਃ੫) ਗੁਰੂ ਗ੍ਰੰਥ ਸਾਹਿਬ - ਅੰਗ ੫੦੧

ਇਸੀ ਕਰਕੇ ਬਿਬੇਕ ਬੁੱਧ ਮੰਗਣ ਦੀ ਅਰਦਾਸ ਸਦਾ ਕੀਤੀ ਜਾਦੀ ਹੈ।

ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ ॥ ਰਹਾਉ ॥
ਸੋਰਠਿ (ਮ ੫) ਗੁਰੂ ਗ੍ਰੰਥ ਸਾਹਿਬ - ਅੰਗ ੬੪੧

ਆਪਣਾ ਜੀਵਨ ਸਫਲ ਕਰਨ ਵਾਸਤੇ ਗੁਰਬਾਣੀ ਦੇ ਦੱਸੇ ਅਨੁਸਾਰ ਸਾਨੂੰ ਸਭ ਨੂੰ ਆਪਣੀ ਬੁੱਧੀ ਨੂੰ ਬਿਬੇਕ ਨਾਲ ਪ੍ਰਚੰਡ ਕਰਨ ਦਾ ਯਤਨ ਕਰਦੇ ਰਹਿਣਾ ਚਾਹੀਦਾ ਹੈ।

ਚਿੱਤ


ਅੰਤਹਕਰਨ ਦੀ ਤੀਸਰੀ ਸਕਤੀ ਦਾ ਨਾਮ ਚਿੱਤ ਹੈ। ਸੁੱਖ ਦੁੱਖ ਦੀ ਅਨੁਭਵਤਾ ਅਤੇ ਚੈਤਨਤਾ ਇਸ ਦਾ ਸਰੂਪ ਲੱਖਣ ਹੈ। ਇਸ ਵਿੱਚ ਆਤਮਾ ਦਾ ਪ੍ਰਤਿਬਿੰਬ ਹੋਣ ਕਾਰਨ ਇਸ ਨੂੰ ਚੇਤਨ ਅਰਥਾਤ ਸਦਾ ਸੁਰਜੀਤ ਜਾ ਅਨੁਭਵ ਕਰਤਾ ਕਿਹਾ ਜਾਦਾ ਹੈ।

ਮੈਂ ਵੇਖਦਾ ਹਾਂ, ਮੈਂ ਹਸਦਾ ਹਾਂ, ਮੈਂ ਖਾਂਦਾ ਹਾਂ, ਮੈਂ ਸੋਂਦਾ ਹਾਂ ਇਹ ਸਦ ਚੇਤਨ ਸਕਤੀ ਅਤੇ ਜਾਗ੍ਰਤ ਦੀ ਖੇਡ ਹੈ, ਇਹ ਹੀ ਜੀਵਨ ਹੈ।
ਇਸ ਸਕਤੀ ਤੋ ਬਿਨਾ ਪ੍ਰਾਣੀ ਨੂੰ ਕੁਝ ਵੀ ਯਾਦ ਨਹੀ ਰਹਿ ਸਕਦਾ, ਜੋ ਸੁਣਦਾ ਉਹ ਉਸੀ ਸਮੇ ਭੁੱਲ ਜਾਦਾ ਅਤੇ ਸੰਸਾਰ ਦਾ ਕੋਈ ਵੀ ਕੰਮ ਸਿਰੇ ਨਾ ਚੜਦਾ।
ਅੱਜ ਕੱਲ ਸਾਇਸ ਦੇ ਅਸਚਰਜ਼ ਕਰਨ ਵਾਲੇ ਚਮਤਕਾਰ ਜੋ ਦਿਖਦੇ ਹਨ, ਇਹ ਕੋਈ ਵੀ ਹੋਂਦ ਵਿੱਚ ਨਹੀ ਆ ਸਕਦੇ ਸਨ। ਨਾ ਹੀ ਇਤਨੇ ਗ੍ਰੰਥ, ਕਿਤਾਬਾ ਲਿਖੀਆ ਜਾਣੀਆ ਸਨ ਅਤੇ ਨਾ ਹੀ ਬਿਤੀਆ ਕਥਾ ਕਹਾਣੀਆ ਦਾ ਕੋਈ ਕਥਨ ਕਰ ਸਕਦਾ ਸੀ।

ਇਸ ਸਕਤੀ ਤੋ ਬਿਨਾ ਨਾ ਹੀ ਕੋਈ ਆਪਣੇ ਗੁਣ ਨੂੰ ਪ੍ਰਗਟ ਕਰ ਸਕਦਾ ਹੈ ਅਤੇ ਨਾ ਹੀ ਇਨਸਾਨ ਦੀਆ ਗੁਣ ਉਪਜਾਉ ਸਕਤੀਆ ਸੰਸਾਰ ਵਿੱਚ ਪ੍ਰਫੱਲਤ ਹੋਕੇ ਉਨੱਤੀ ਕਰ ਸਕਦੀਆ ਹਨ। ਜਿਸ ਕਰਕੇ ਗੁਣਾ ਨੂੰ ਗ੍ਰਹਿਣ ਕਰਨਾ ਅਸੰਭਵ ਹੋ ਜਾਦਾ।


ਚਿਤ ਚੇਤਸਿ ਕੀ ਨਹੀ ਬਾਵਰਿਆ ॥
ਹਰਿ ਬਿਸਰਤ ਤੇਰੇ ਗੁਣ ਗਲਿਆ ॥੧॥ ਰਹਾਉ ॥
ਮਾਰੂ (ਮ ੧) ਗੁਰੂ ਗ੍ਰੰਥ ਸਾਹਿਬ - ਅੰਗ ੯੯੦

ਸੋ, ਇਹ ਸਕਤੀ ਮਨੁੱਖ ਮਾਤਰ ਦੀ ਉਨੱਤੀ ਵਾਸਤੇ ਅਕਾਲ ਪੁਰਖ ਦੀ ਇਕ ਵੱਡੀ ਦਾਤ ਹੈ, ਜੋ ਸਦਾ ਹੀ ਕਰਤੇ ਦੇ ਹੁਕਮ ਨੂੰ ਸੁਣਾਉਦੀ ਰਹਿਦੀ ਹੈ।

ਅਹੰਕਾਰ


ਅੰਤਹਕਰਣ ਦੀ ਚੌਥੀ ਸਕਤੀ ਅਹੰਕਾਰ ਹੈ, ਹਰ ਕਰਮ ਵਿੱਚ ਅਪੱਣਤ ਪ੍ਰਗਟ ਕਰਨੀ ਇਸ ਦਾ ਸਰੂਪ ਲੱਖਣ ਹੈ।
ਇਸ ਦੁਆਰਾ ਜੀਵ ਨੂੰ ਆਪਣੇ ਕੀਤੇ ਕਰਮ ਦਾ ਅਭਿਮਾਨ ਹੁੰਦਾ ਹੈ। ਭਾਵ ਇਹ ਕਰਮ "ਮੈ ਕੀਤਾ ਹੈ", ਇਹ ਕਰਮ "ਮੈ ਨਹੀ ਕੀਤਾ ਹੈ" ਇਨਾ ਦੋਹਾ ਕਰਮਾ ਵਿੱਚ ਜੋ ਕੀਤਾ ਹੈ ਜਾ ਜੋ ਨਹੀ ਕੀਤਾ, ਜੀਵ "ਮੈਂ" ਵਰਤਦਾ ਹੈ, ਇਹੀ "ਮੈਂ" ਜੀਵ ਦੇ ਕੀਤੇ ਕਰਮਾ ਵਿੱਚ "ਅਪੱਣਤ" ਪਾਉਂਦੀ ਹੈ, ਇਸੀ ਅਪੱਣਤ ਸਦਕਾ ਹੀ ਜੀਵ ਸੁੱਖ ਜਾ ਦੁੱਖ ਭੋਗਦਾ ਹੈ।

ਜੇ ਕਿਸੇ ਕਰਮ ਨਾਲ ਅਪੱਣਤ ਨਾ ਜਗਾਈ ਜਾਵੇ, ਤਾ ਉਹ ਕਰਮ ਅਕਾਲ ਪੁਰਖ ਦੀ ਆਗਿਆ ਅਤੇ ਉਸਦੇ ਹੁਕਮ ਵਿੱਚ ਹੋਇਆ ਮੰਨਿਆ ਜਾਦਾ ਹੈ। ਐਸੀ ਬਿਰਤੀ ਤੱਕ ਪਹੁੱਚਣਾ ਅਤੇ ਸਤਿਗੁਰੂ ਦੇ ਭਾਣੇ ਵਿੱਚ ਆਣਾ ਹੀ ਸਾਡਾ ਜੀਵਨ ਮਨੋਰਥ ਹੈ।

ਪਰ ਇਹ ਅਹੰਕਾਰ/ਹਉਮੈ ਸਕਤੀ ਇਨੀ ਬਲਵਾਨ ਹੈ ਕਿ ਇਸ ਤੋ ਬਚਣਾ ਕਠਨ ਹੈ। ਪਰ ਬਿਨਾ ਸਤਿਗੁਰੂ ਦੇ ਗਿਆਨ ਦੀ ਸੋਝੀ ਦੇ ਇਹ ਅਹੰਕਾਰ ਜੀਵ ਵਿਚੋ ਜਾਦਾ ਨਹੀ ਹੈ।

ਬਿਨੁ ਸਤਿਗੁਰ ਸੋਝੀ ਨਾ ਪਵੈ ਅਹੰਕਾਰੁ ਨ ਵਿਚਹੁ ਜਾਇ ॥
ਅਹੰਕਾਰੀਆ ਨੋ ਦੁਖ ਭੁਖ ਹੈ ਹਥੁ ਤਡਹਿ ਘਰਿ ਘਰਿ ਮੰਗਾਇ ॥
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ - ਅੰਗ ੩੦੩


ਗੁਰ ਤੇ ਗਿਆਨੁ ਪਾਇਆ ਅਤਿ ਖੜਗੁ ਕਰਾਰਾ ॥
ਦੂਜਾ ਭ੍ਰਮੁ ਗੜੁ ਕਟਿਆ ਮੋਹੁ ਲੋਭੁ ਅਹੰਕਾਰਾ ॥
ਹਰਿ ਕਾ ਨਾਮੁ ਮਨਿ ਵਸਿਆ ਗੁਰ ਸਬਦਿ ਵੀਚਾਰਾ ॥
ਮਾਰੂ ਵਾਰ:੧ (ਮ ੩) ਗੁਰੂ ਗ੍ਰੰਥ ਸਾਹਿਬ - ਅੰਗ ੧੦੮੭

ਇਹ ਹਉਮੈ ਬਾਰੇ ਕਹਿਦੇ ਨੇ ਇਸ ਰੋਗ ਦਾ ਕੋਈ ਇਲਾਜ਼ ਨਹੀ, ਪਰ ਇਸ ਦਾ ਇਲਾਜ਼ ਹੋ ਜਾਦਾ ਹੈ ਜੇ ਉਹ ਕ੍ਰਿਪਾ ਕਰਕੇ ਗੁਰ ਸਬਦਿ (ਗੁਰ ਗਿਆਨ) ਦੀ ਕਮਾਈ ਦੀ ਚੇਟਕ ਲਗਾ ਦੇਵੇ।

ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ ॥
ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ ॥
ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ ॥੨॥
ਆਸਾ ਕੀ ਵਾਰ: (ਮ ੨) ਗੁਰੂ ਗ੍ਰੰਥ ਸਾਹਿਬ - ਅੰਗ ੪੬੬

ਪੰਜ ਗਿਆਨ ਇੰਦ੍ਰੇ


ਇਹ ਸੂਖਮ ਸਰੀਰ ਨਾਲ ਸਬੰਧਤ ਦੂਜੀ ਸ੍ਰੇਣੀ ਦੀਆ ਇੰਦ੍ਰੀਆ ਹਨ, ਇਹ ਸਰੀਰ ਦੇ ਉਹ ਅੰਗ ਜਾ ਭਾਗ ਹਨ, ਜਿਨਾ ਦੇ ਰਸਤੇ ਮਨ ਬਾਹਰ ਜਾਦਾ ਹੈ, ਅਤੇ ਸੰਸਾਰ ਦੇ ਵੱਖ ਵੱਖ ਪਦਾਰਥਾ ਦਾ ਗਿਆਨ ਜਾ ਅਨੁਭਵਤਾ ਹੁੰਦੀ ਹੈ। ਇਹ ਪੰਜੇ ਪਿਛੇ ਇਕ ਸਕਤੀ ਨਾਲ ਜੁੜੇ ਹੁੰਦੇ ਹਨ ਜਿਸਨੂੰ ਸੁਰਤ ਕਹਿੰਦੇ ਹਨ। ਇਹ ਪੰਜ ਇੰਦ੍ਰੇ ਹਨ :

੧ ਨੱਕ : ਇਸ ਨਾਲ ਚੰਗੀ ਮਾੜੀ ਸੁਗੰਧੀ ਦਾ ਗਿਆਨ ਹੁੰਦਾ ਹੈ। ਇਹ ਆਪਣੀ ਸਕਤੀ ਪ੍ਰਿਥਵੀ ਤੋ ਲੈਦਾ ਹੈ।
੨ ਕੰਨ : ਇਨਾਂ ਨਾਲ ਮਿੱਠੀ ਤੇ ਖਰਵੀ ਆਵਾਜ ਦਾ ਗਿਆਨ ਹੁੰਦਾ ਹੈ, ਇਹ ਆਪਣੀ ਸਕਤੀ ਆਕਾਸ਼ ਤੋ ਲੈਂਦੇ ਹਨ।
੩ ਅੱਖਾ : ਇਨਾਂ ਨਾਲ ਰੂਪ ਤੇ ਕਰੂਪ ਦਾ ਗਿਆਨ ਹੁੰਦਾ ਹੈ। ਇਹ ਆਪਣੀ ਸਕਤੀ ਅਗਨੀ ਤੋ ਲੈਦੀਆ ਹਨ।
੪ ਜੀਭ : ਇਸ ਨਾਲ ਪਦਾਰਥਾ ਦੇ ਮਿੱਠੇ ਕੋੜੇ ਰਸਾ ਕਸਾ ਦਾ ਗਿਆਨ ਹੁੰਦਾ ਹੈ। ਇਹ ਆਪਣੀ ਸਕਤੀ ਪਾਣੀ ਤੋ ਲੈਂਦੀ ਹੈ।
੫ ਚਮੜੀ : ਇਸ ਨਾਲ ਠੰਡੇ ਤੇ ਤੱਤੇ ਦਾ ਗਿਆਨ ਹੁੰਦਾ ਹੈ। ਇਹ ਆਪਣੀ ਸਕਤੀ ਵਾਯੂ ਤੋ ਲੈਦੀ ਹੈ।

ਇਹ ਪੰਜੇ ਕਿਉਕਿ ਆਪੋ ਆਪਣੀ ਸਕਤੀ ਨਾਲ ਜੀਵ ਨੂੰ ਵੱਖ ਵੱਖ ਪ੍ਰਕਾਰ ਦਾ ਗਿਆਨ ਕਰਾਉਦੇ ਹਨ, ਇਸ ਕਾਰਨ ਇਨਾ ਨੂੰ ਗਿਆਨ ਇੰਦ੍ਰੇ ਕਿਹਾ ਜਾਦਾ ਹੈ। ਇਸ ਸਭ ਸਕਤੀਆ ਦਾ ਗਿਆਨ ਕਰਨ ਤੇ ਲੈਣ ਵਾਲੀ ਸਕਤੀ ਨੂੰ ਸੁਰਤ ਕਿਹਾ ਜਾਦਾ ਹੈ।

ਇਹ ਗਿਆਨ ਇੰਦ੍ਰੇ ਵੱਖ ਵੱਖ ਪੰਜ ਤੱਤਾ ਨਾਲ ਜੁੜੇ ਹੋਣ ਕਾਰਨ, ਇਨਾ ਪੰਜਾ ਦੇ ਪੰਜ ਹੀ ਵਿਕਾਰ/ਵਿਸ਼ੇ ਹਨ।

੧ ਅਕਾਸ਼ : ਕੰਨਾ ਦਾ ਕੇਦਰ ਹੈ, ਇਸ ਦਾ ਵਿਸ਼ਾ ਅਵਾਜ਼ ਹੈ, ਇਸਨੂੰ ਹਿਰਨ ਵਿੱਚ ਕਥਨ ਕੀਤਾ ਹੈ :
ਨਾਦ ਰੋਗਿ ਖਪਿ ਗਏ ਕੁਰੰਗਾ ॥੧॥
ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ - ਅੰਗ ੧੧੪੧

ਜੋ ਅਵਾਜ ਵਿੱਚ ਮਸਤ ਹੋਕੇ ਫੰਧਕ ਦੀ ਫਾਹੀ ਵਿੱਚ ਫੱਸ ਜਾਦਾ ਹੈ।

੨ ਵਾਯੂ : ਚਮੜੀ ਦਾ ਕੇਦਰ ਹੈ, ਇਸਦਾ ਵਿਸ਼ਾ ਸਪਰਸ਼ ਹੈ, ਇਸਨੂੰ ਹਾਥੀ ਵਿੱਚ ਕਥਨ ਕੀਤਾ ਹੈ :
ਕਾਮ ਰੋਗਿ ਮੈਗਲੁ ਬਸਿ ਲੀਨਾ ॥
ਭੈਰਉ (ਮ ੫) ਗੁਰੂ ਗ੍ਰੰਥ ਸਾਹਿਬ - ਅੰਗ ੧੧੪੧
ਜੋ ਬਨਾਉਟੀ ਹਥਨੀ ਦੇਖਕੇ ਖੂਹ ਵਿੱਚ ਡਿੱਗਕੇ ਸਦਾ ਲਈ ਮਨੁੱਖ ਦੀ ਕੈਦ ਵਿੱਚ ਪੈ ਜਾਦਾ ਹੈ।

੩ ਅਗਨੀ : ਅੱਖਾ ਦਾ ਕੇਦਰ ਹੈ, ਇਸ ਦਾ ਵਿਸ਼ਾ ਰੂਪ ਹੈ, ਇਸਨੂੰ ਪਤੰਗੇ ਵਿੱਚ ਕਥਨ ਕੀਤਾ ਹੈ :
ਦ੍ਰਿਸਟਿ ਰੋਗਿ ਪਚਿ ਮੁਏ ਪਤੰਗਾ ॥
ਭੈਰਉ (ਮ ੫) ਗੁਰੂ ਗ੍ਰੰਥ ਸਾਹਿਬ - ਅੰਗ ੧੧੪੧
ਜੋ ਦੀਵੇ ਦੀ ਲਾਟ ਦੇ ਰੂਪ ਵਿੱਚ ਮਸਤ ਹੋਕੇ ਉਸ ਵਿੱਚ ਸੜ ਮਰਦਾ ਹੈ।

੪ ਜਲ : ਜੀਭ ਦਾ ਕੇਦਰ ਹੈ, ਇਸ ਦਾ ਵਿਸ਼ਾ ਰਸ ਹੈ, ਇਸਨੂੰ ਮੱਛਲੀ ਵਿੱਚ ਕਥਨ ਕੀਤਾ ਹੈ :
ਜਿਹਵਾ ਰੋਗਿ ਮੀਨੁ ਗ੍ਰਸਿਆਨੋ ॥
ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ - ਅੰਗ ੧੧੪੧
ਜੋ ਮਛੇਰੇ ਦੇ ਜਾਲ ਦੀ ਕੁੰਡੀ ਵਿੱਚ ਨਾਲ ਲੱਗੇ ਟੁਕੜੇ ਖਾਣ ਲਗੀ ਫਸਕੇ ਆਪਣਾ ਆਪ ਗਵਾ ਲੈਦੀ ਹੈ।

੫ ਪ੍ਰਿਥਵੀ : ਨੱਕ ਦਾ ਕੇਦਰ ਹੈ, ਇਸ ਦਾ ਵਿਸ਼ਾ ਸੁਗੰਧੀ ਹੈ, ਇਸਨੂੰ ਭੌਰੇ ਵਿੱਚ ਕਥਨ ਕੀਤਾ ਹੈ :
ਬਾਸਨ ਰੋਗਿ ਭਵਰੁ ਬਿਨਸਾਨੋ ॥
ਭੈਰਉ (ਮ ੫) ਗੁਰੂ ਗ੍ਰੰਥ ਸਾਹਿਬ - ਅੰਗ ੧੧੪੧
ਜੋ ਫੁੱਲ ਦੀ ਸੁਗੰਧੀ ਲੈਣ ਵਾਸਤੇ ਆਪਣੇ ਆਪ ਨੂੰ ਫੁੱਲ ਵਿੱਚ ਨਾਸ਼ ਕਰ ਲੈਂਦਾ ਹੈ।


ਇਸ ਤਰਾ ਆਪੋ ਆਪਣੇ ਕੇਦਰਾ ਰਾਹੀ ਗਿਆਨ/ਵਿਚਾਰ ਸੁਰਤ ਰਾਹੀ ਮਨ ਤੱਕ ਪਹੁੰਚਦਾ ਹੈ, ਮਨ ਨੂੰ ਇਸ ਵਿਚਾਰ ਤੋ ਖਿਆਲ ਫੁਰਦੇ ਹਨ, ਜਿਸਦੇ ਭਲੇ ਬੁਰੇ ਦੀ ਪੁਣ ਛਾਣ ਬੁੱਧੀ ਕਰਦੀ ਹੈ, ਬੁੱਧੀ ਦੀ ਵਿਚਾਰ ਨੂੰ ਚਿੱਤ ਦ੍ਰਿੜ ਕਰਦਾ ਹੈ ਅਤੇ ਅਹੰਕਾਰ ਸਕਤੀ ਉਸ ਨੂੰ ਨਪੇਰੇ ਚਾੜਦੀ ਹੈ।

ਇਹ ਸਭ ਜੀਵ ਜੰਤੂ ਤਾ ਇਕ ਇਕ ਵਿਸ਼ੇ ਰੋਗ ਨਾਲ ਹੀ ਖਤਮ ਹੋ ਜਾਦੇ ਹਨ, ਪ੍ਰੰਤੂ ਮਨੁੱਖ ਵਿੱਚ ਇਹ ਪੰਜੇ ਹੀ ਹਨ, ਜੇ ਅਸੀ ਆਪਣੇ ਆਪ ਨੂੰ ਸੰਭਾਲ ਨਾ ਸਕੇ ਤਾ ਫਿਰ ਸਾਡੀ ਕੀ ਦਸ਼ਾ ਹੋਵੇਗੀ??


ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ ॥
ਪੰਚ ਦੋਖ ਅਸਾਧ ਜਾ ਮਹਿ ਤਾ ਕੀ ਕੇਤਕ ਆਸ ॥੧॥
ਆਸਾ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ - ਅੰਗ ੪੮੬


ਪੰਜ ਕਰਮ ਇੰਦ੍ਰੇ


ਸੂਖਮ ਸਰੀਰ ਨਾਲ ਸਬੰਧਤ ਇਨਾ ਇੰਦ੍ਰੀਆ ਨੂੰ ਕਰਮ ਇੰਦ੍ਰੇ ਕਹਿਦੇ ਹਨ। ਸੰਸਾਰ ਦੇ ਕਾਰ ਵਿਹਾਰ ਤੇ ਹੋਰ ਸਭ ਕੁਝ ਕਰਨ ਲਾਇਕ ਕੰਮ ਇਨਾ ਨਾਲ ਹੀ ਕੀਤਾ ਜਾਦਾ ਹੈ। ਇਹਨਾ ਦੀ ਗਿਣਤੀ ਪੰਜ ਹੈ ਅਤੇ ਇਹ ਵੀ ਚਲਾਣ ਵਾਲੀ ਸਕਤੀ ਸੁਰਤ ਨਾਲ ਜੁੜੇ ਹੁੰਦੇ ਹਨ।
ਇਨਾ ਪੰਜ ਕਰਮ ਇੰਦ੍ਰੀਆ ਦੇ ਆਪੋ ਆਪਣੇ ਕਰਤੱਵ ਹਨ :

ਮੂੰਹ : ਪਦਾਰਥਾ ਦੇ ਖਾਣ ਪੀਣ ਦਾ ਕੰਮ ਕਰਨਾ
ਹੱਥ : ਕਾਰ ਵਿਹਾਰ ਦਾ ਕੰਮ ਕਰਨਾ
ਪੈਰ : ਇਕ ਥਾ ਤੋ ਦੂਜੀ ਥਾ ਜਾਣ ਦਾ ਕਰਮ ਕਰਨਾ
ਲਿੰਗ : ਮੂਤਰ ਤੇ ਸੰਤਾਨ ਉਤਪੱਤੀ ਦਾ ਕਰਮ ਕਰਨਾ
ਗੁੱਦਾ : ਪੇਟ ਵਿੱਚੋ ਵਿਸ਼ਟਾ ਆਦਿ ਮੈਲ ਬਾਹਰ ਕੱਢਣ ਦਾ ਕਰਮ ਕਰਨਾ

3. ਆਤਮਾ


ਆਤਮਾ ਸੁੱਧ ਬ੍ਰਹਮ ਦੀ ਜੋਤਿ ਦਾ ਨਾਮੁ ਹੈ। ਅਸਥੂਲ ਸਰੀਰ ਦੇ ਸਾਰੇ ਅੰਗ ਸਭ ਜੜ ਹਨ। ਇਹਨਾ ਵਿੱਚ ਕਿਸੀ ਤਰਾ ਦਾ ਕੋਈ ਕਰਮ ਕਰਨ ਦੀ ਸਕਤੀ ਨਹੀ ਹੁੰਦੀ। ਇਹ ਇਸੀ ਤਰਾ ਹੈ ਜਿਸ ਤਰਾ ਕੋਈ ਇਲੈਟ੍ਰਿਕ ਮਸ਼ੀਨ ਹੋਵੇ, ਪਰ ਉਸ ਨੂੰ ਚਲਾਉਣ ਲਈ ਬਿਜਲੀ ਸਕਤੀ ਦੀ ਲੋੜ ਹੁੰਦੀ ਹੈ।
ਆਤਮਾ ਸਭ ਤੋ ਨਿਆਰੀ, ਹਰਖ ਸੋਗ ਤੋ ਬਾਹਰ, ਤਿੰਨੇ ਅਵਸਥਾਵਾ ਵਿੱਚ ਇਕਸਾਰ ਪ੍ਰਕਾਸ਼ਮਾਨ ਰਹਿਦੀ ਹੈ। ਇਸ ਦਾ ਸਰੂਪ ਜਾ ਸਰੀਰਕ ਚਿੰਨ ਕੋਈ ਨਹੀ ਹੁੰਦਾ। ਇਸਦਾ ਸਰੂਪ ਕੇਵਲ ਜੋਤਿ ਹੀ ਹੁੰਦਾ ਹੈ।
ਇਹ ਆਪ ਨਾ ਕੋਈ ਕਰਮ ਨਹੀ ਕਰਦੀ, ਪਰ ਇਸਦੇ ਸੰਜੋਗ ਕਰਕੇ ਸਰੀਰ ਤੇ ਉਸਦੇ ਇੰਦ੍ਰੇ ਕੰਮ ਕਰਦੇ ਹਨ। ਆਤਮਾ ਤੋ ਅੰਤਹਕਰਣ ਸਕਤੀ ਲੈਦਾ ਹੈ, ਉਸਤੋ ਗਿਆਨ ਇੰਦ੍ਰੇ ਅਤੇ ਉਸਤੋ ਕਰਮ ਇੰਦ੍ਰੇ ਤੇ ਹੋਰ ਸਾਰੇ ਸਬੰਧਤ। ਇਹਨਾ ਸਭ ਨੂੰ ਆਪਸ ਵਿੱਚ ਜੋੜਨ ਲਈ ਸੁਰਤ ਸੂਰਤ ਵਜੋ ਕੰਮ ਕਰਦੀ ਹੈ।
ਆਤਮਾ ਆਪ ਸਦਾ ਨਿਰਲੇਪ ਹੈ, ਇਹ ਸਾਗਰ ਰੂਪ ਅਕਾਲ ਪੁਰਖ ਦੀ ਇਕ ਬੂੰਦ ਹੈ, ਉਸ ਸੂਰਜ ਰੂਪ ਦੀ ਇਕ ਕਿਰਨ ਰੂਪ ਹੈ। ਇਹ ਅਗਿਆਨ ਅਵਿਦਿਆ ਕਾਰਨ ਇਕ ਤੋ ਵਿਛੜਦੀ ਹੈ ਅਤੇ ਗੁਰੂ ਗਿਆਨ ਨਾਲ ਅਗਿਆਨ ਅੰਧੇਰਾ ਕੱਟਕੇ ਅੰਤ ਉਸੇ ਵਿੱਚ ਸਮਾ ਜਾਦੀ ਹੈ। ਇਸ ਦਾ ਨਾ ਕੋਈ ਆਦਿ ਹੈ ਅਤੇ ਨਾ ਅੰਤ ਹੈ। ਅਸਥੂਲ ਸਰੀਰ ਮਰਦਾ ਜੰਮਦਾ ਹੈ, ਪਰ ਇਹ ਆਤਮਾ ਸਦਾ ਅਮਰ ਹੈ।